‘ਜਪੁ’ ਬਾਣੀ ਦੀ ਬਾਰ੍ਹਵੀਂ ਪਉੜੀ, ਗੁਰੂ-ਗਿਆਨ ਨੂੰ ‘ਸੁਣਿਐ’, ਭਾਵ, ‘ਸਮਝਣ’ ਉਪਰੰਤ, ਉਸ ਨੂੰ ‘ਧਾਰਨ ਕਰਨ’ ਦੀ ਪ੍ਰੇਰਨਾ ਬਾਰੇ ਹੈ।
ਧਾਰਨ ਕਰਨ ਦੇ ਦੋ ਪੜਾਅ — ‘ਮੰਨੈ’ ਅਤੇ ‘ਮੰਨੇ’
ਗੁਰੂ-ਗਿਆਨ ਨੂੰ ਧਾਰਨ ਕਰਨ ਦੇ ਦੋ ਪੜਾਅ ਹਨ। ਇਹਨਾਂ ਦੋਹਾਂ ਪੜਾਵਾਂ ਦਾ ਭੇਦ ਸਮਝਣਾ, ਬਾਰ੍ਹਵੀਂ ਪਉੜੀ ਨੂੰ ਸਮਝਣ ਦੀ ਕੁੰਜੀ ਹੈ।
| ‘ਮੰਨੈ’ — ਪਹਿਲਾ ਪੜਾਅ | ‘ਮੰਨੇ’ — ਦੂਜਾ ਪੜਾਅ |
|---|---|
| ਸਮਝੇ ਹੋਏ ਗਿਆਨ ਨੂੰ ਧਾਰਨ ਕਰਨ ਲਈ, ਵਿਚਾਰਾਂ ਦੇ ਪੱਧਰ ਤੇ ਕਾਰਜਸ਼ੀਲ ਹੋਇਆ ਜਾ ਰਿਹਾ ਹੁੰਦਾ ਹੈ। | ਗੁਰੂ-ਗਿਆਨ ਨੂੰ ਧਾਰਨ ਕਰ ਲਿਆ ਜਾਂਦਾ ਹੈ। |
| ਇਸ ਅਵਸਥਾ ਦਾ ਬਿਆਨ ਕੀਤਾ ਜਾ ਸਕਦਾ ਹੈ। | ਇਸ ਅਵਸਥਾ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਹੈ। |
| ‘ਜਪੁ’ ਜੀ ਸਾਹਿਬ ਦੀ ੧੩ਵੀਂ ਤੋਂ ੧੫ਵੀਂ ਪਉੜੀ ਵਿਚ ਬਿਆਨ ਕੀਤਾ ਗਿਆ ਹੈ। | ੧੨ਵੀਂ ਪਉੜੀ ਦਾ ਵਿਸ਼ਾ ਇਹੀ ਅਵਸਥਾ ਹੈ। |
ਇਸ ਦੂਜੇ ਪੜਾਅ ਨੂੰ ਸਮਝਣ ਲਈ, ੧੨ਵੀਂ ਪਉੜੀ ਦੀ ਵਿਚਾਰ ਕਰਦੇ ਹਾਂ।
ਪਉੜੀ ੧੨ — ਸੰਪੂਰਨ ਪਾਠ
ਮੰਨੇ ਕੀ ਗਤਿ ਕਹੀ ਨ ਜਾਇ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥
ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
ਤੁਕ-ਵਾਰ ਵਿਚਾਰ
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
- ‘ਮੰਨੇ ਕੀ ਗਤਿ’, ਭਾਵ, ਗੁਰੂ-ਗਿਆਨ ਨੂੰ ਧਾਰਨ ਕਰ ਲੈਣ ਦੀ ਅਵਸਥਾ;
- ‘ਕਹੀ ਨ ਜਾਇ’, ਭਾਵ, (ਉਸ ਦੀ ਅਵਸਥਾ) ਬਿਆਨ ਨਹੀਂ ਕੀਤੀ ਜਾ ਸਕਦੀ ਹੈ;
- ‘ਜੇ ਕੋ ਕਹੈ’, ਭਾਵ, ਪਰ ਜੇ ਕੋਈ (ਉਸ ਅਵਸਥਾ ਦਾ) ਵਿਖਿਆਨ ਕਰਨ ਦੀ ਕੋਸ਼ਿਸ਼ ਕਰੇ;
- ‘ਪਿਛੈ ਪਛੁਤਾਇ’, ਭਾਵ, ਅਜਿਹਾ ਕਰਕੇ, ਮਗਰੋਂ ਪਛਤਾਉਂਦਾ ਹੀ ਹੈ।
ਜਿਸ ਮਨੁੱਖ ਨੇ ਗੁਰੂ-ਗਿਆਨ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰ ਲਿਆ ਹੈ, ਉਸ ਦੀ ਅਵਸਥਾ ਦਾ ਵਰਨਣ ਸ਼ਬਦਾਂ ਵਿਚ ਹੋ ਹੀ ਨਹੀਂ ਸਕਦਾ ਹੈ।
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ, ਕਿ ਧਾਰਨ ਕਰ ਲੈਣ ਉਪਰੰਤ ਪ੍ਰਾਪਤ ਹੋਈ ਅਵਸਥਾ, ਵਿਖਿਆਨ ਦਾ ਨਹੀਂ, ਅਨੁਭਵ ਦਾ ਵਿਸ਼ਾ ਹੈ।
ਇਹ ਅਵਸਥਾ ਕਿਹੋ ਜਿਹੀ ਹੈ?
ਕਬੀਰ ਤੂੰ ਤੂੰ ਕਰਤਾ ਤੂ ਹੂਆ
ਅੰਗ ੧੩੭੫
ਇਹ ‘ਤੂੰ’ ਹੋ ਜਾਣ ਦੀ ਅਵਸਥਾ ਹੈ!
ਗੁਰਬਾਣੀ ਦੇ ਉਪਦੇਸ਼ਾਂ ਨੂੰ ਧਾਰਨ ਕਰਨ ਉਪਰੰਤ ਪ੍ਰਾਪਤ ਹੋਣ ਵਾਲੀ ਇਹ ਅਵਸਥਾ, ਮਨੁੱਖ ਵੱਲੋਂ ਕਰਤਾਰ ਦੇ ਰੱਬੀ ਗੁਣਾਂ ਦੇ ਧਾਰਨੀ ਹੋ ਜਾਣ ਦੀ ਅਵਸਥਾ ਹੈ।
ਜਿਵੇਂ ਕਰਤਾਰ ਦਾ ਸੰਪੂਰਨ ਵਿਖਿਆਨ ਨਹੀਂ ਹੋ ਸਕਦਾ ਹੈ, ਇਉਂ ਹੀ, ‘ਮੰਨੇ’ ਦੀ ਅਵਸਥਾ ਦਾ ਵੀ ਸੰਪੂਰਨ ਵਿਖਿਆਨ ਨਹੀਂ ਕੀਤਾ ਜਾ ਸਕਦਾ ਹੈ। ਆਤਮਿਕ ਅਵਸਥਾ ਲਿਖਣ-ਪੜ੍ਹਨ ਦਾ ਵਿਸ਼ਾ ਨਹੀਂ, ਅਨੁਭਵ ਦਾ ਵਿਸ਼ਾ ਹੈ।
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ, ਕਿ ਧਾਰਨ ਕਰਨ ਵਾਲਾ ਮਨੁੱਖ, ਜਿੰਨਾਂ ਗੁਣਾਂ ਨੂੰ ਧਾਰਦਾ ਹੈ, ਉਹਨਾਂ ਗੁਣਾਂ ਵਰਗਾ ਹੀ ਬੇਅੰਤ ਹੋ ਜਾਂਦਾ ਹੈ।
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
- ‘ਕਾਗਦਿ ਕਲਮ ਨ ਲਿਖਣਹਾਰੁ’, ਭਾਵ, ਕਾਗਜ਼ ਅਤੇ ਕਲਮ ਨਾਲ (ਇਸ ਅਵਸਥਾ ਨੂੰ) ਲਿਖਿਆ ਨਹੀਂ ਜਾ ਸਕਦਾ ਹੈ;
- ‘ਮੰਨੇ ਕਾ ਬਹਿ ਕਰਨਿ ਵੀਚਾਰੁ’, ਭਾਵ, ਭਾਵੇਂ ਵੀਚਾਰਵਾਨ ਬਹਿ ਕੇ ‘ਮੰਨੇ’ ਦੀ ਅਵਸਥਾ ਦੀ ਵਿਚਾਰ ਕਰਦੇ ਹਨ।
ਗੁਰੂ-ਗਿਆਨ ਨੂੰ ਪੂਰੀ ਤਰ੍ਹਾਂ ਅਪਣਾਉਣ ਨਾਲ ਉਪਜੀ ਅੰਦਰੂਨੀ ਬੇਅੰਤਤਾ, ਕਿਸੇ ਲਿਖਤ ਜਾਂ ਵਰਨਣ ਵਿਚ ਸਮਾ ਨਹੀਂ ਸਕਦੀ ਹੈ। ਇਹ ਅਤਿ-ਉੱਚੀ ਅਵਸਥਾ, ਮਨੁੱਖੀ ਬੁੱਧੀ ਦੀ ਸੀਮਾ ਤੋਂ ਪਰੇ ਹੈ। ਭਾਵੇਂ ਵੱਡੇ-ਵੱਡੇ ਵੀਚਾਰਵਾਨ ਬਹਿ ਕੇ ਵਿਚਾਰ ਕਰ ਲੈਣ, ਫਿਰ ਵੀ ‘ਮੰਨੇ’ ਦੀ ਅਵਸਥਾ ਦਾ ਪੂਰਾ ਵਿਖਿਆਨ ਨਹੀਂ ਕੀਤਾ ਜਾ ਸਕਦਾ ਹੈ।
ਦੁਨਿਆਵੀ ਸੋਚ-ਵਿਚਾਰ ਵਿਚ, ‘ਮੰਨੇ’ ਦੀ ਅਵਸਥਾ ਦੇ ਵਿਖਿਆਨ ਲਈ, ਕੋਈ ਅਜਿਹਾ ਮਾਪ-ਦੰਡ ਹੀ ਨਹੀਂ ਹੈ, ਜਿਸ ਤੇ ਅਧਾਰਿਤ ਇਸ ਅਵਸਥਾ ਦਾ ਲਿਖਤੀ ਬਿਆਨ ਕੀਤਾ ਜਾ ਸਕੇ।
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ, ਕਿ ਗੁਰਬਾਣੀ ਵਿਚ ਧਾਰਨ ਪ੍ਰਧਾਨ ਹੈ, ਵਖਿਆਨ ਨਹੀਂ। ਗੁਰਬਾਣੀ ਨੂੰ ਜੀਵਨ ਵਿਚ ਉਤਾਰਨਾ ਹੀ ਸਭ ਤੋਂ ਵੱਡੀ ਸਾਧਨਾ ਹੈ।
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
- ‘ਐਸਾ ਨਾਮੁ ਨਿਰੰਜਨੁ ਹੋਇ’, ਭਾਵ, ‘ਨਾਮੁ’ ਅਜਿਹਾ ਨਿਰੰਜਨ, ਭਾਵ, ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ;
- ‘ਜੇ ਕੋ ਮੰਨਿ ਜਾਣੈ ਮਨਿ ਕੋਇ’, ਭਾਵ, ਜੇਕਰ ਕੋਈ ਮਨ ਕਰਕੇ, ਭਾਵ, ਆਪਣੇ ਵਿਚਾਰਾਂ ਵਿਚ, (ਇਸ ਨੂੰ) ਮੰਨ ਲਵੇ, ਜਾਣ ਲਵੇ।
ਮਾਇਆ ਦਾ ਪ੍ਰਭਾਵ ਉਸ ਤੇ ਹੀ ਪਰਖਿਆ ਜਾ ਸਕਦਾ ਹੈ, ਜਿਸ ਦੀ ਕੋਈ ‘ਹੋਂਦ’ ਹੋਵੇ। ਜੇਕਰ ਗੁਰੂ ਸਾਹਿਬ ਇਹ ਕਹਿ ਰਹੇ ਹਨ ਕਿ ‘ਨਾਮੁ’ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤਾਂ ਇਸ ਦਾ ਭਾਵ ਹੈ, ‘ਨਾਮੁ’ ਦੀ ‘ਹੋਂਦ’ ਹੈ, ਜਿਸ ਤੇ ਮਾਇਆ, ਭਾਵ, ‘ਅੰਜਨ’ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ।
ਇਸ ਉਪਦੇਸ਼ ਵਿਚ ‘ਹੋਇ’ ਦਾ ਭਾਰੀ ਮਹੱਤਵ ਹੈ; ਇਹ ‘ਨਾਮੁ ਦੀ ਹੋਂਦ’ ਦਾ ਮਹੱਤਵਪੂਰਨ ਸੰਕੇਤ ਹੈ।
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ, ਕਿ ਕਰਤਾਰ ਦੇ ਵਿਧਾਨ ਦੀ ਮੌਜੂਦਗੀ ਨੂੰ ਹੀ ਗੁਰਬਾਣੀ ਵਿਚ ‘ਨਾਮੁ’ ਕਿਹਾ ਹੈ।
‘ਨਾਮੁ’ ਅਤੇ ‘ਮਨਿ’ ਦੀ ਵਿਚਾਰ
ਗੁਰਬਾਣੀ ਵਿਚ ‘ਨਾਮੁ’ ਜਾਂ ‘ਨਾਵੁ’, ਕਰਤਾਰ ਦੀ ‘ਹੋਂਦ’ ਦਾ ਪ੍ਰਤੀਕ ਹੈ, ਜਿਵੇਂ:
ਵਿਣੁ ਨਾਵੈ ਨਾਹੀ ਕੋ ਥਾਉ
ਭਾਵ, ਅਜਿਹੀ ਕੋਈ ਥਾਂ ਹੀ ਨਹੀਂ ਹੈ, ਜਿਥੇ ਕਰਤਾਰ ਦੀ ਮੌਜੂਦਗੀ, ਭਾਵ, ‘ਨਾਵੈ’ ਨਾ ਹੋਵੇ।
- ‘ਨਾਮੁ’, ਭਾਵ, ‘ਨਾਹੁ ਦੀ ਮੌਜੂਦਗੀ’ ਨੂੰ ਮੰਨਣਾ ਹੀ ਆਤਮਕ ਯਾਤਰਾ ਦੀ ਸ਼ੁਰੂਆਤ ਹੈ।
- ‘ਨਾਮੁ’ ਨੂੰ ‘ਮਨਿ’ ਲੈਣ ਦਾ ਭਾਵ, ਵਿਚਾਰ ਕਰਕੇ ਸਮਝਣਾ ਹੈ, ਜਾਣਨਾ ਹੈ। ਇਉਂ, ਗੁਰਬਾਣੀ ਦੇ ‘ਨਾਮੁ’ ਦਾ ਸੰਬੰਧ ਵਿਚਾਰਨ ਨਾਲ ਹੈ।
- ਗੁਰਬਾਣੀ ਵਿਚ ‘ਮਨਿ’ ਦਾ ਭਾਵ, ‘ਵਿਚਾਰਾਂ ਵਿਚ’ ਹੁੰਦਾ ਹੈ।
ਇਸ ਅਨੁਸਾਰ, ‘ਨਾਮੁ’, ਭਾਵ, ਕਰਤਾਰ ਦੇ ਵਿਧਾਨ ਦੀ ‘ਹੋਂਦ’ ਨੂੰ, ਮਨ ਵਿਚ, ਭਾਵ, ਆਪਣੇ ਵਿਚਾਰਾਂ ਵਿਚ ਧਾਰਨ ਕਰਨਾ ਹੈ। ਇਹ ਮਹੱਤਵਪੂਰਨ ਧਾਰਨਾ ਹੀ, ਮਨੁੱਖ ਦੀ ‘ਮੰਨੇ’ ਦੀ ਅਵਸਥਾ ਦੀ ਪ੍ਰਤੀਕ ਹੈ।
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ, ਕਿ ਨਿਰੰਜਨ ‘ਨਾਮੁ’ ਦੀ ਪ੍ਰੇਰਨਾ ਨਾਲ, ਮਨੁੱਖ ਨੇ ਵੀ ਮਾਇਆਵੀ ਸੁਖ-ਦੁੱਖ, ਲਾਭ-ਹਾਨੀ, ਅਤੇ ਫੋਕੇ ਅਹੰਕਾਰ ਦੇ ਪ੍ਰਭਾਵ ਤੋਂ ਰਹਿਤ ਹੋਣ ਲਈ ਪ੍ਰੇਰਿਤ ਹੋਣਾ ਹੈ।
ਸਾਰ
ਮਨੁੱਖ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ, ਕਿ ਉਹ ਗੁਰੂ-ਗਿਆਨ ਨੂੰ ਕੇਵਲ ਸੁਣੇ ਜਾਂ ਸਮਝੇ ਹੀ ਨਹੀਂ, ਬਲਕਿ ਪੂਰਨ ਨਿਸ਼ਠਾ ਨਾਲ, ਮਨ ਕਰਕੇ, ਆਪਣੇ ਜੀਵਨ ਵਿਚ ਧਾਰੇ। ਇਸ ਧਾਰਨ ਤੋਂ ਅਜਿਹੀ ਅਵਸਥਾ ਉਪਜਦੀ ਹੈ, ਜੋ ਸ਼ਬਦਾਂ ਤੋਂ ਪਰੇ ਹੈ।
ਗੁਰਬਾਣੀ ਸਿਰਫ਼ ਵਿਚਾਰ-ਵਟਾਂਦਰੇ ਜਾਂ ਵਿਖਿਆਨ ਕਰਨ ਦਾ ਵਿਸ਼ਾ ਨਹੀਂ ਹੈ। ਗੁਰਬਾਣੀ ਨੂੰ ਜੀਵਨ ਵਿਚ ਧਾਰਨ ਕਰਨ ਨਾਲ ਹੀ ਅਸਲ ਪਰਿਵਰਤਨ ਹੁੰਦਾ ਹੈ।
