•ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
‘ਸਾਚਾ ਸਾਹਿਬੁ’, ਭਾਵ, ਕਰਤਾਰ ਦਾ ਵਿਧਾਨ ਕਾਇਮ-ਦਾਇਮ ਹੈ;
‘ਭਾਖਿਆ ਭਾਉ’, ਕਰਤਾਰ ਦੀ ਭਾਸ਼ਾ, ਕਰਤਾਰ ਦਾ ਸੁਭਾਉ ਪਿਆਰ ਵਾਲਾ ਹੈ, ਭਾਵ, ਸਾਰਿਆਂ ਨਾਲ ਵਤੀਰਾ ਇੱਕੋ-ਜਿਹਾ ਹੈ;
‘ਸਾਚੁ ਨਾਇ’, ਭਾਵ, ਕਰਤਾਰ ਦੀ ਮੌਜੂਦਗੀ ਕਾਇਮ-ਦਾਇਮ ਹੈ;
‘ਭਾਖਿਆ ਭਾਉ’, ਕਰਤਾਰ ਦੀ ਭਾਸ਼ਾ, ਕਰਤਾਰ ਦਾ ਸੁਭਾਉ ਪਿਆਰ ਵਾਲਾ ਹੈ, ਭਾਵ, ਸਾਰਿਆਂ ਨਾਲ ਵਤੀਰਾ ਇੱਕੋ-ਜਿਹਾ ਹੈ;
‘ਅਪਾਰੁ’, ਕਰਤਾਰ ਦਾ ਵਿਧਾਨ ਬੇਅੰਤ ਹੈ, ਵਿਸ਼ਾਲ ਹੈ।
ਇਸ ਉਪਦੇਸ਼ ਦਾ ਭਾਵ ਹੈ, ਕਿ ਕਰਤਾਰ ਦੀ ਮੌਜੂਦਗੀ ਕਾਇਮ-ਦਾਇਮ ਹੈ, ਅਤੇ ਉਸ ਦਾ ਪ੍ਰਾਣੀਆਂ ਨਾਲ ਵਰਤਾਰਾ ਪਿਆਰ ਵਾਲਾ ਹੈ।
ਗੁਰੂ ਸਾਹਿਬ ਆਗਾਹ ਕਰ ਰਹੇ ਹਨ, ਕਿ ਕਾਇਮ-ਦਾਇਮ ਕਰਤਾਰ ਦੀ ਕਾਇਮ-ਦਾਇਮ ਮੌਜੂਦਗੀ ਹੈ।
•ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
‘ਆਖਹਿ’, ਭਾਵ, (ਮਨੁੱਖ ਕਰਤਾਰ ਬਾਰੇ) ਵਿਖਿਆਨ ਕਰਦੇ ਹਨ;
‘ਮੰਗਹਿ’, ਭਾਵ, (ਮਨੁੱਖ ਕਰਤਾਰ ਕੋਲੋਂ ਦਾਤਾਂ) ਮੰਗਦੇ ਹਨ;
‘ਦੇਹਿ ਦੇਹਿ’, ਭਾਵ, (ਦਾਤਾਂ) ਦੇ, (ਦਾਤਾਂ) ਦੇ (ਆਖਦੇ ਹਨ);
‘ਦਾਤਿ ਕਰੇ ਦਾਤਾਰੁ’, ਭਾਵ, ਦਾਤਾਂ ਦੇਣ ਵਾਲਾ ਦਾਤਾਂ ਦਿੰਦਾ ਹੈ।
ਕਰਤਾਰ ਦੇ ‘ਹੁਕਮੁ’ ਦੀ ਸੋਝੀ ਰਾਹੀਂ ਮਨੁੱਖ ਜਾਣ ਜਾਂਦਾ ਹੈ ਕਿ ਬਿਨਾ ਕਿਸੇ ਵਿਤਕਰੇ ਦੇ, ਸਾਰਿਆਂ ਨਾਲ ਇੱਕੋ-ਜਿਹੀ ਅਪਣੱਤ ਨਾਲ, ਕਰਤਾਰ ਦੇ ਸਥਾਪਤ ਵਿਧਾਨ ਪਾਸੋਂ ਪ੍ਰਾਣੀਆਂ ਨੂੰ ਦਾਤਾਂ ਪ੍ਰਾਪਤ ਹੁੰਦੀਆਂ ਹਨ।
ਗੁਰੂ ਸਾਹਿਬ ਇਕ ਬਾਰੀਕ ਇਸ਼ਾਰਾ ਕਰ ਰਹੇ ਹਨ ਕਿ ਮਨੁੱਖ ਨੂੰ ਦਾਤਾਂ ਕੇਵਲ ਕਰਤਾਰ ਪਾਸੋਂ, ਭਾਵ, ਕਰਤਾਰ ਦੇ ਰਚੇ ਵਿਧਾਨ ਅਨੁਸਾਰ ਮਿਲਦੀਆਂ ਹਨ।
•ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
‘ਫੇਰਿ ਕਿ ਅਗੈ ਰਖੀਐ’, ਭਾਵ, ਫਿਰ ਮਨੁੱਖ ਕਰਤਾਰ ਅੱਗੇ ਕੀ ਭੇਟਾ ਕਰ ਸਕਦਾ ਹੈ?;
‘ਜਿਤੁ ਦਿਸੈ ਦਰਬਾਰੁ’, ਭਾਵ, ਜਿਸ ਨਾਲ ਉਸ ਦੇ ਦਰਬਾਰ ਦੇ ਦਰਸ਼ਨ ਹੋ ਜਾਣ।
ਜੇਕਰ ਸਾਰੀਆਂ ਦਾਤਾਂ ਕਰਤਾਰ ਕੋਲੋਂ ਹੀ ਪ੍ਰਾਪਤ ਹੁੰਦੀਆਂ ਹਨ, ਤਾਂ ਮਨੁੱਖ ਕੋਲ ਆਪਣਾ ਕੀ ਹੈ, ਜੋ ਕਰਤਾਰ ਨੂੰ, ਆਪਣੇ ਵੱਲੋਂ, ਭੇਂਟ ਕਰ ਸਕਦਾ ਹੈ! ਇਸ ਕਾਰਨ ਇਹ ਸੁਆਲ ਖੜਾ ਹੋ ਜਾਂਦਾ ਹੈ ਕਿ ‘ਫੇਰਿ ਕਿ ਅਗੈ ਰਖੀਐ’, ਜਿਸ ਨਾਲ ਕਰਤਾਰ ਦੇ ਦਰਬਾਰ ਦੇ ਦਰਸ਼ਨ ਹੋ ਸਕਣ, ‘ਜਿਤੁ ਦਿਸੈ ਦਰਬਾਰੁ’?
•ਇਸ ਉਪਦੇਸ਼ ਵਿਚ ਗੁਰੂ ਸਾਹਿਬ ਮਨੁੱਖ ਦੀ ਉਸ ਰੀਝ ਵੱਲ ਇਸ਼ਾਰਾ ਕਰ ਰਹੇ ਹਨ ਜੋ ਦਾਤਾਂ ਦੇਣ ਵਾਲੇ ਕਰਤਾਰ ਦੇ ਦਰਸ਼ਨ ਕਰਨਾ ਲੋਚਦੀ ਹੈ।
•ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
‘ਮੁਹੌ ਕਿ ਬੋਲਣੁ ਬੋਲੀਐ’, ਭਾਵ, ਮੂੰਹ ਨਾਲ ਕਿਹੋ ਜਿਹਾ ਬੋਲ ਬੋਲੀਏ;
‘ਜਿਤੁ ਸੁਣਿ ਧਰੇ ਪਿਆਰੁ’, ਭਾਵ, ਜਿੰਨਾਂ ਨੂੰ ਸੁਣ ਕੇ ਕਰਤਾਰ (ਮਨੁੱਖ ਨੂੰ) ਪਿਆਰ ਕਰਨ ਲੱਗੇ।
(ਜੇਕਰ ਆਪਣੇ ਕੋਲੋਂ ਕੁਝ ਦੇ ਨਹੀਂ ਸਕਦਾ ਹੈ, ਤਾਂ ਘੱਟੋ-ਘੱਟ, ਕਰਤਾਰ ਦੀ ਪਿਆਰ ਵਾਲੀ ਭਾਖਿਆ ਅਨੁਸਾਰ, ਮਨੁੱਖ) ਕਿਹੋ ਜਿਹੇ ਬੋਲ ਬੋਲੇ, ਜਿੰਨਾਂ ਨੂੰ ਸੁਣ ਕੇ, ਮਨੁੱਖ, ਕਰਤਾਰ ਨੂੰ ਪਿਆਰਾ ਲੱਗਣ ਲੱਗੇ!
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ ਕਿ ਮਨੁੱਖ ਦੀ ਰੀਝ ਹੈ ਕਿ ਕਰਤਾਰ ਨਾਲ ਉਸ ਦਾ ਪਿਆਰ ਵਾਲਾ ਸੰਬੰਧ ਬਣੇ।
•ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
‘ਅੰਮ੍ਰਿਤ ਵੇਲਾ’, ਭਾਵ, ਉਹ ਵੇਲਾ ਜਦੋਂ ਮਨੁੱਖ ਦਾ ਅਧਿਆਤਮਿਕ ਮਰਨ ਨਾ ਹੋਵੇ’,
‘ਸਚੁ ਨਾਉ’, ਭਾਵ, ਕਾਇਮ-ਦਾਇਮ ਪਸਾਰੇ (ਬਾਰੇ); ‘ਵਡਿਆਈ’, ਭਾਵ, ਕਰਤਾਰ ਦੇ ਵਿਧਾਨ ਬਾਰੇ; ‘ਵੀਚਾਰੁ’, ਵਿਚਾਰਿਆ ਜਾਵੇ, ਵਿਖਿਆਨ ਕੀਤਾ ਜਾਵੇ।
ਜਿਸ ਵੇਲੇ ਮਨੁੱਖ, ਕੁਦਰਤ ਦੇ ਕਾਇਮ-ਦਾਇਮ ਪਸਾਰੇ ਦੀ ਹੋਂਦ, ਅਤੇ ਇਸ ਵਿਚ ਕਾਦਰ ਦੀ ਮੌਜੂਦਗੀ ਦੀ ਵਿਚਾਰ ਵਿਚ ਰੁਝਦਾ ਹੈ, ਤਾਂ ਉਸ ਵੇਲੇ, ਮਨੁੱਖ ਦਾ ਧਿਆਨ ਮਿਆਵੀ ਪ੍ਰਭਾਵਾਂ ਤੋਂ ਨਿਰਲੇਪ ਹੋ ਜਾਣ ਕਾਰਨ, ਮਨੁੱਖ ਦਾ ਅਧਿਆਤਮਿਕ ਮਰਨ ਨਹੀਂ ਹੁੰਦਾ ਹੈ। ਇਉਂ, ਮਨੁੱਖ, ਅਧਿਆਤਮਿਕ ਤੌਰ ਤੇ, ਅਮ੍ਰਿਤ ਹੋ ਜਾਂਦਾ ਹੈ। ਮਨੁੱਖ ਦਾ, ਅਜਿਹਾ ਵੇਲਾ, ‘ਅੰਮ੍ਰਿਤ ਵੇਲਾ’ ਹੁੰਦਾ ਹੈ।
ਗੁਰੂ ਸਾਹਿਬ, ‘ਫੇਰਿ ਕਿ ਅਗੈ ਰਖੀਐ’ ਸੁਆਲ ਦਾ ਜੁਆਬ ਦਿੰਦਿਆਂ ਦੱਸ ਰਹੇ ਹਨ, ਕਿ ਮਨੁੱਖ ਕੋਲ ਕੀ ਹੈ, ਜਿਸ ਨੂੰ ਭੇਟਾ ਕਰਕੇ ਮਨੁੱਖ, ਕਰਤਾਰ ਦੇ ਵਿਧਾਨ ਦੇ ਨਿਯਮਾਂ ਅਨੁਸਾਰ, ਕਰਤਾਰ ਦੀ ਖੁਸ਼ੀ ਦਾ ਪਾਤਰ ਬਣ ਸਕਦਾ ਹੈ!
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ ਕਿ ਮਨੁੱਖ ਦੇ ਵਿਚਾਰਾਂ ਵਿਚ, ਕਾਇਮ-ਦਾਇਮ ਕਰਤਾਰ ਦੇ ਹੋਣ ਨਾਲ ਮਾਇਆਵੀ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ, ਇਹ ਮਨੁੱਖ ਦਾ ਉੱਤਮ ਕਰਮ ਹੈ, ਜੋ ‘ਮੁਹੌ ਕਿ ਬੋਲਣੁ ਬੋਲੀਐ’,? ਸੁਆਲ ਦਾ ਜੁਆਬ ਹੈ, ਜਿਸ ਨਾਲ ਕਰਤਾਰ ਦੀ ਖੁਸ਼ੀ ਮਿਲਦੀ ਹੈ – ‘ਜਿਤੁ ਸੁਣਿ ਧਰੇ ਪਿਆਰੁ’।
•ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
‘ਕਰਮੀ ਆਵੈ ਕਪੜਾ’, ਭਾਵ, (ਹੋਰਨਾਂ ਜੂਨਾਂ ਵਿਚ ਪ੍ਰਾਣੀ ਦੇ ਚੰਗੇ) ਕਰਮਾਂ ਸਦਕਾ (ਮਨੁੱਖਾ ਜੂਨ ਦਾ) ਕੱਪੜਾ, ਕਰਤਾਰ ਦੇ ਵਿਧਾਨ ਦੇ ਨਿਯਮਾਂ ਅਨੁਸਾਰ ਪ੍ਰਾਪਤ ਹੁੰਦਾ ਹੈ;
‘ਨਦਰੀ ਮੋਖੁ ਦੁਆਰੁ’, ਕਰਤਾਰ ਦੇ ਵਿਧਾਨ ਦੀ ਨਦਰ ਪ੍ਰਾਪਤ ਹੋਣ ਨਾਲ (ਜੂਨਾਂ ਵਿਚ ਭਟਕਣ ਤੋਂ) ਮੁਕਤੀ ਦਾ ਦਰਵਾਜ਼ਾ (ਖੁਲ ਜਾਂਦਾ ਹੈ)।
ਕਰਤਾਰ ਦੇ ਹੁਕਮ ਵਿਚ ਰਚੇ ਹੋਏ ਨਿਯਮਾਂ ਅਨੁਸਾਰ, ਪ੍ਰਾਣੀਆਂ ਦੇ ਲੇਖੇ ਉਪਰੰਤ, ਮਨੁੱਖ ਦੀ ਜੂਨ ਹਾਸਿਲ ਹੁੰਦੀ ਹੈ, ਅਤੇ ਮਨੁੱਖਾ ਜਨਮ ਵਿਚ ਹੀ ਸਾਰੀਆਂ ਜੂਨਾਂ ਤੋਂ ਮੁਕਤ ਹੋਣ ਦਾ ਮੌਕਾ ਮਿਲਦਾ ਹੈ।ਙ
ਗੁਰੂ ਸਾਹਿਬ ਇਸ ਜਨਮ ਤੋਂ ਪਹਿਲਾਂ, ਅਤੇ ਇਸ ਜਨਮ ਤੋਂ ਬਾਅਦ, ਪ੍ਰਾਣੀ ਦੇ ਚਲ ਰਹੇ ਸਫਰ ਬਾਰੇ ਇਸ਼ਾਰਾ ਕਰ ਰਹੇ ਹਨ।
•ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
‘ਨਾਨਕ’, ਭਾਵ, ਹੇ ਮੇਰੇ ਮਨ!;
‘ਏਵੈ ਜਾਣੀਐ’, ਭਾਵ, ਇਸ ਤਰ੍ਹਾਂ ਜਾਣ ਜਾਈਦਾ ਹੈ ਕਿ;
‘ਸਭੁ ਆਪੇ ਸਚਿਆਰੁ’, ਸਭ ਪਾਸੇ ਸੱਚਾ-ਸੁੱਚਾ ਕਰਤਾਰ ਆਪ (ਹੀ ਸੰਚਾਲਨ ਕਰਦਾ) ਹੈ।
ਜੀਵਨ ਦੀ ਤੌਰ ਨੂੰ ਬੁਝ ਕੇ ਹੀ, ਮਨੁੱਖ ਜਾਣ ਪਾਉਂਦਾ ਹੈ ਕਿ, ਸਭ ਜੂਨਾਂ ਵਿਚ ਜੀਵਨ ਰੌਂ ਦਾ ਸੰਚਾਲਨ, ਕਰਤਾਰ ਦੇ ਵਿਧਾਨ ਤਹਿਤ ਹੀ ਹੋ ਰਿਹਾ ਹੈ, ਅਤੇ ਕਰਤਾਰ ਦੇ ‘ਹੁਕਮੁ’ ਦੇ ਨਿਰਧਾਰਤ ਨਿਯਮ ਹੀ ਸਾਰੇ ਪ੍ਰਾਣੀਆਂ ਤੇ ਲਾਗੂ ਹਨ।
ਗੁਰੂ ਸਾਹਿਬ ਇਸ਼ਾਰਾ ਕਰ ਰਹੇ ਹਨ, ਕਿ ਸਾਰੇ ਪ੍ਰਾਣੀਆਂ ਤੇ, ਅਤੇ ਜਗਤ ਦੀਆਂ ਸਾਰੀਆਂ ਜੂਨਾਂ ਵਿਚ, ਕਰਤਾਰ ਦੇ ਹੀ ‘ਹੁਕਮੁ’ ਦਾ ਵਿਧਾਨ ਚਲ ਰਿਹਾ ਹੈ।
